Type Here to Get Search Results !

1

ਸਾਦਗੀ, ਨਿਮਰਤਾ ਅਤੇ ਸਦਾਚਾਰ ਦੇ ਪੁੰਜ – ਭਗਤ ਰਵਿਦਾਸ ਜੀ (5 ਫਰਵਰੀ) ਰਵਿਦਾਸ ਜਯੰਤੀ ਤੇ ਵਿਸ਼ੇਸ਼

ਭਗਤ ਰਵਿਦਾਸ ਜੀ ਦਾ ਜਨਮ ਅਜਿਹੇ ਸਮੇਂ ਹੋਇਆ ਜਦੋਂ ਸਮਾਜ ਜਾਤਾਂ-ਪਾਤਾਂ ਦੇ ਤਾਣੇ ਵਿੱਚ ਉਲਝਿਆ ਹੋਇਆ ਸੀ। ਮਨੁੱਖਤਾ ਨੂੰ ਚਾਰ ਵਰਣਾਂ ਵਿੱਚ ਵੰਡਿਆ ਗਿਆ ਸੀ। ਭਾਰਤ ਦੀ ਅੱਧਿਉ ਬਹੁਤੀ ਵਸੋਂ ਨੂੰ ਮਨੁੱਖ ਹੀ ਨਾ ਸਮਝਿਆ ਜਾਣ ਲੱਗਾ। ਮਨੁੱਖਤਾ ਨੂੰ ਰੱਬ ਦੀ ਧਰਤੀ ਉੱਤੇ ਤੁਰਨਾ ਵੀ ਰੋਕਿਆ ਜਾਣ ਲੱਗ ਪਿਆ ਸੀ। ਇਸ ਸਾਰੀ ਹਾਲਤ ਦਾ ਨਤੀਜਾ ਇਹ ਨਿਕਲਿਆ ਕਿ ਭਾਰਤ ਦੇ ਰਾਜਭਾਗ ਦੇ ਮਾਲਕ ਪ੍ਰਦੇਸੀ ਲੋਕਾਂ ਨੇ ਸਾਂਭ ਲਿਆ। ਮੰਦਰਾਂ ਦੀ ਸੂਰਤ ਬਦਲਕੇ ਮਸੀਤਾਂ ਬਣਾ ਦਿੱਤੀਆਂ ਗਈਆਂ। ਮਹਾਤਮਾ ਬੁੱਧ ਤੋਂ ਪਹਿਲਾਂ ਅਤੇ ਸਮਰਾਟ ਅਸ਼ੋਕ ਤੋਂ ਬਾਅਦ ਭਾਰਤ ਦੇ ਰਾਜਸੀ ਧਾਰਮਿਕ ਅਤੇ ਸਮਾਜਿਕ ਜੀਵਨ ਉੱਤੇ ਜਾਤ-ਪਾਤ ਅਤੇ ਮਨੂੰਵਾਦੀ ਸੋਚ ਦਾ ਬੋਲਬਾਲਾ ਭਾਰੂ ਹੋ ਗਿਆ ਸੀ। ਮਨੂ ਸਿਮਰਤੀ ਵਿੱਚ ਲਿਖਿਆ ਮਿਲਦਾ ਹੈ ਕਿ ਜੇਕਰ ਕੋਈ ਦਲਿਤ ਵੇਦਾਂ ਦਾ ਪਾਠ ਸੁਣਦਾ ਹੈ ਤਾਂ ਉਸ ਦੇ ਕੰਨ ਵਿੱਚ ਸਿੱਕਾ ਪਿਘਲਾਕੇ ਪਾ ਦਿੱਤਾ ਜਾਵੇ ਅਤੇ ਜੇਕਰ ਕੋਈ ਦਲਿਤ ਵੇਦਾਂ ਦਾ ਪਾਠ ਕਰਦਾ ਹੈ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਵੇ। ‘ਕੁਦਰਤ ਦੇ ਬੰਦਿਆਂ’ ਵਿੱਚ ਊਚ-ਨੀਚ ਦਾ ਪਾੜਾ ਪਾ ਕੇ ਮਨੁੱਖਤਾ ਦਾ ਬਟਵਾਰਾ ਕੀਤਾ ਹੋਇਆ ਸੀ। ਪੁਜਾਰੀ ਅਤੇ ਪੁਰੋਹਿਤ ਸ਼੍ਰੇਣੀ ਨੇ ਯੋਜਨਾਬੱਧ ਤਰੀਕੇ ਨਾਲ ਧਾਰਮਿਕ ਗ੍ਰੰਥਾਂ ਰਾਹੀਂ ਮਨੁੱਖਾਂ ਵਿੱਚ ਵੰਡ ਪਾਈ ਹੋਈ ਸੀ। ਇਹੋ ਜਿਹੀ ਮੁੱਨਖਤਾ ਦੀ ਮਾੜੀ ਹਾਲਤ ਨੂੰ ਦੇਖ ਕੇ ਸਾਰੇ ਭਾਰਤ ਵਿਚ ਇੱਕ ਲਹਿਰ ਚੱਲੀ ਜਿਸ ਨੂੰ ਭਗਤੀ ਲਹਿਰ ਦਾ ਨਾਂਅ ਦਿੱਤਾ ਗਿਆ। ਇਤਫ਼ਾਕ ਵਸ ਇਸ ਲਹਿਰ ਦਾ ਮੁੱਢ ਉਤਰੀ ਭਾਰਤ ਵਿੱਚ ਬਨਾਰਸ ਤੋਂ ਹੀ ਬੱਝਾ ਉਹੀ ‘ਬਨਾਰਸ’ ਜੋ ਬ੍ਰਾਹਮਣਵਾਦੀ ਅੰਦੋਲਨ ਅਤੇ ਸੱਭਿਆਚਾਰ ਦਾ ਕੇਂਦਰ ਸੀ। ਇਸ ਭਗਤੀ ਲਹਿਰ ਨੂੰ ਚਲਾਉਣ ਵਾਲੇ ਬ੍ਰਾਹਮਣ ਨਹੀ ਸਗੋਂ ਉਹਨਾਂ ਜਾਤੀਆਂ ਵਿਚੋਂ ਸਨ ਜਿੰਨਾ ਨੂੰ ਪਰਮਾਤਮਾ ਦੇ ਪੁੱਤਰ ਨਹੀ ਸਮਝਿਆ ਜਾਂਦਾ ਸੀ। ਇਹਨਾਂ ਵਿਚੋਂ ਭਗਤ ਕਬੀਰ, ਤ੍ਰਿਲੋਚਨ ਜੀ ਅਤੇ ਭਗਤ ਰਵਿਦਾਸ ਜੀ ਆਦਿ ਪ੍ਰਸਿੱਧ ਸਨ। ਇਸ ਲਹਿਰ ਦੇ ਦੋ ਪ੍ਰਮੁੱਖ ਨੇਤਾ ਭਗਤ ਕਬੀਰ ਅਤੇ ਭਗਤ ਰਵਿਦਾਸ ਜੀ ਨੇ ਉਸ ਸਮੇਂ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਅਜਿਹੀ ਚੁਣੌਤੀ ਦਿੱਤੀ ਜਿਸ ਨੇ ਨੀਚ ਸਮਝੀਆਂ ਜਾਂਦੀਆਂ ਜਾਤੀਆਂ ਦੇ ਲੋਕਾਂ ਨੂੰ ਅਣਖ ਅਤੇ ਸਵੈਮਾਣ ਨਾਲ ਜਿਊਣ ਦਾ ਪਾਠ ਪੜ੍ਹਾਇਆ ਅਤੇ ਲੋਕਾਈ ਵਿੱਚ ਇਹ ਦ੍ਰਿੜ ਕਰਵਾਇਆ ਕਿ ਕੋਈ ਵੀ ਮਨੁੱਖ ਆਪਣੇ ਕੰਮਾਂ-ਕਾਰਾਂ ਕਰਕੇ ਛੋਟਾ-ਵੱਡਾ ਨਹੀਂ ਹੁੰਦਾ ਸਗੋਂ ਉਸ ਦੀ ਸੋਚ ਹੀ ਉਸ ਨੂੰ ਵੱਡਾ ਜਾਂ ਛੋਟਾ ਬਣਾਉਂਦੀ ਹੈ ਅਤੇ ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਕਦੇ ਵੀ ਆਪਣੇ ਆਪ ਨੂੰ ਜਾਂ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਕਿਤੇ ਲੁਕਾਉਣ ਦਾ ਯਤਨ ਨਹੀਂ ਕੀਤਾ। ਭਗਤ ਰਵਿਦਾਸ ਜੀ ਉਸ ਜਾਤੀ ਵਿਚੋਂ ਸਨ ਜਿਹੜੀ ਜਾਤੀ ਲੋਕ ਸੇਵਾ ਕਰਦੀ ਸੀ ਅਤੇ ਆਰਥਿਕ ਪਹਿਲੂ ਤੋਂ ਬਹੁਤ ਗਰੀਬ ਸੀ। ਆਪ ਜੀ ਨੇ ਸਿਰਫ ਜੁੱਤੀਆਂ ਗੰਢਣ ਦਾ ਹੀ ਕੰਮ ਨਹੀਂ ਕੀਤਾ ਬਲਕਿ ਲੋਕਾਂ ਦੀਆਂ ਟੁੱਟੀਆਂ ਹੋਈਆਂ ਤਕਦੀਰਾਂ ਨੂੰ ਵੀ ਗੰਢਿਆ। ਭਗਤ ਰਵਿਦਾਸ ਜੀ ਉੱਚਕੋਟੀ ਦੇ ਪਰਮ ਸੰਤ ਸਨ। ਭਗਤ ਰਵਿਦਾਸ ਜੀ ਦਾ ਜਨਮ 1377 ਈ: ਕਾਂਸੀ ਬਨਾਰਸ (ਅੱਜ ਕਲ੍ਹ ਵਾਰਾਣਸੀ) ਵਿਖੇ ਮਾਤਾ ਕੌਸ਼ ਦੇਵੀ ਜੀ ਦੀ ਕੁੱਖੋਂ ਪਿਤਾ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਭਗਤ ਰਵਿਦਾਸ ਜੀ ਦੇ ਮਾਤਾ-ਪਿਤਾ ਜੀ ਬੜੇ ਹੀ ਦਿਆਲੂ ਸੁਭਾਅ ਦੇ ਮਾਲਕ ਸਨ। ਭਗਤ ਰਵਿਦਾਸ ਜੀ ਮੁੱਢ ਤੋਂ ਹੀ ਪ੍ਰਮਾਤਮਾ ਦੀ ਭਗਤੀ ਵੱਲ ਨੂੰ ਪਹਿਲ ਦੇ ਰਹੇ ਸਨ। ਭਗਤ ਰਵਿਦਾਸ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਵਿੱਦਿਆ ਪੜ੍ਹਨ ਲਈ ਭੇਜਿਆ ਗਿਆ ਪਰ ਭਗਤ ਜੀ ਦਾ ਮਨ ਪੜ੍ਹਾਈ ਵਿਚ ਨਾ ਲੱਗਿਆ ਕਿਉਂਕਿ ਇੱਕ ਤਾਂ ਉਨ੍ਹਾਂ ਨੂੰ ਨੀਵੀਂ ਜਾਤੀ ਹੋਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਦੂਸਰਾ ਉਹਨਾ ਅੰਦਰ ਰੱਬੀ ਗਿਆਨ ਦੀ ਰੌਸ਼ਨੀ ਦਾ ਦੀਵਾ ਹਰ ਵੇਲੇ ਮਨ ਅੰਦਰ ਅਧਿਆਤਮਿਕ ਗਿਆਨ ਦਾ ਚਾਨਣ ਫੈਲਾ ਰਿਹਾ ਸੀ। ਇਸ ਤਰ੍ਹਾਂ ਭਗਤ ਰਵਿਦਾਸ ਜੀ ਦੁਨਿਆਵੀ ਪੜ੍ਹਾਈ ਤੋਂ ਹੱਟ ਕੇ ਦਸ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦੇ ਹੁਕਮ ਅਨੁਸਾਰ ਜੁੱਤੀਆਂ ਗੰਢਣ ਦਾ ਕੰਮ ਕਰਨ ਲੱਗ ਪਏ। ਕਾਰੋਬਾਰ ਚਮੜੇ ਦਾ ਹੋਣ ਕਰਕੇ ਜਾਤੀ ਚਮਾਰ ਸੀ। ਅਕਸਰ ਰੱਬੀ ਰੂਹਾਂ ਵਾਂਗ ਇਹਨਾਂ ਨੇ ਵੀ ਗਰੀਬੀ ਦੇ ਪੰਘੂੜੇ ਵਿੱਚ ਹੀ ਰੱਬੀ ਮੌਜ ਨੂੰ ਮਾਣਿਆ। ਸਮੇਂ ਦੇ ਅਖੌਤੀ ਧਰਮੀਆਂ ਨੇ ਧਰਮ ਨੂੰ ਆਪਣੀ ਹੀ ਵਿਰਾਸਤ ਸਮਝਣ ਕਰਕੇ ਬਹੁਤ ਹੀ ਵਿਰੋਧਤਾ ਕੀਤੀ। ਜਾਤੀ ਹੰਕਾਰੀ ਵੀ ਆਪ ਜੀ ਦੀ ਹੋਂਦ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹੇ, ਪਰ ਜਿਨ੍ਹਾਂ ਦੀਆਂ ਪ੍ਰੀਤਾਂ ਹੀ ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ..॥’’ ਨਾਲ ਪੈ ਗਈਆਂ ਹੋਣ, ਫਿਰ ਉਨ੍ਹਾਂ ਦੀ ਪ੍ਰਤਿਭਾ ਨੂੰ ਮਿਟਾਉਣ ਵਾਲੇ ਤਾਂ ਮਿੱਟ ਜਾਂਦੇ ਹਨ, ਪਰ ਉਹ ਸਦਾ ਲਈ ਅਮਿੱਟ ਹੋ ਜਾਂਦੇ ਹਨ। ਭਗਤ ਜੀ ਸਦਾ ਆਪਣੇ ਕੰਮ ਵਿੱਚ ਮਗਨ ਰਹਿੰਦੇ ਅਤੇ ਜਦੋਂ ਕੰਮ-ਕਾਰ ਤੋਂ ਵਿਹਲ ਮਿਲਦਾ ਤਾਂ ਨੇਤਰ ਬੰਦ ਕਰਕੇ ਨਿਰੰਕਾਰ ਦਾ ਸਿਮਰਨ ਕਰਨ ਲੱਗ ਜਾਂਦੇ। ਭਗਤ ਰਵਿਦਾਸ ਜੀ ਦੀ ਸ਼ਾਦੀ ਮਿਰਜਾਪੁਰ ਪਿੰਡ ਦੀ ਲੜਕੀ ਸ੍ਰੀ ਭਾਗਵੰਤੀ ਦੇਵੀ ਜੀ ਨਾਲ ਹੋਈ। ਦੋਨੋ ਪਤੀ ਪਤਨੀ ਕੰਮ ਕਾਜ਼ ਦੇ ਨਾਲ ਨਾਲ ਸਦਾ ਹੀ ਆਏ ਗਏ ਮਹਿਮਾਨਾ ਦੀ ਬੜੇ ਹੀ ਚਾਅ ਨਾਲ ਸੇਵਾ ਕਰਦੇ। ਭਗਤ ਰਵਿਦਾਸ ਜੀ ਜੋ ਪੈਸੇ ਕੰਮ ਕਾਜ਼ ਤੋਂ ਕਮਾਉਂਦੇ ਉਹ ਸਾਰੇ ਹੀ ਆਪਣੇ ਸਾਥੀਆਂ ਨੂੰ ਵੰਡ ਦਿੰਦੇ। ਭਗਤ ਜੀ ਦੇ ਮਾਤਾ-ਪਿਤਾ ਜੀ ਨੇ ਇਹੋ-ਜਿਹਾ ਹੁੰਦਾ ਵੇਖ ਕੇ ਭਗਤ ਜੀ ਨੂੰ ਅੱਡ ਕਰ ਦਿੱਤਾ। ਭਗਤ ਰਵਿਦਾਸ ਜੀ ਆਪਣੇ ਕੰਮ ਵਿਚ ਪੂਰਨ ਇਮਾਨਦਾਰੀ ਰੱਖਦੇ ਸਨ। ਉਹਨਾ ਦੀ ਛੱਪਰੀ ਅੱਗੇ ਗਾਹਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ। ਭਗਤ ਰਵਿਦਾਸ ਜੀ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰਕੇ ਪੂਰਨ ਲਗਨ ਨਾਲ ਭਗਤੀ ਨੂੰ ਪੱਕਾ ਕੀਤਾ। ਰੱਬੀ ਸਿਮਰਨ ਅਤੇ ਸੱਚੀ ਲਗਨ ਨਾਲ ਕੀਤੀ ਰੱਬੀ ਭਗਤੀ ਨੂੰ ਕਿਰਤ ਕਰਨ-ਨਾਮ ਜੱਪਣ-ਵੰਡ ਛੱਕਣ ਦੀ ਗੁਰਮਤਿ ਵਿਚਾਰਧਾਰਾ(ਸਿਧਾਂਤ) ਅਨੁਸਾਰ ਭਗਤ ਰਵਿਦਾਸ ਜੀ ਨੇ ਪਰਮਾਤਮਾ-ਪਰਮੇਸ਼ਰ ਦੇ ਦਰਸ਼ਨ ਦੀਦਾਰੇ ਕੀਤੇ। ਸਾਧੂ ਦੇ ਰੂਪ ਵਿੱਚ ਪਰਮਾਤਮਾ ਨੇ ਭਗਤ ਰਵਿਦਾਸ ਜੀ ਦੇ ਸੱਚ ਦ੍ਰਿੜ ਵਿਸ਼ਵਾਸ਼ ਦੀ ਪ੍ਰੀਖਿਆ ਲੈ ਕੇ ਭਗਤ ਜੀ ਉਪਰ ਰੂਹਾਨੀ ਕਿਰਨਾਂ ਦੀ ਬਾਰਸ਼ ਕੀਤੀ। ਭਗਤ ਰਵਿਦਾਸ ਜੀ ਨੇ ਰੋਜ਼ਾਨਾ ਜਿੰਦਗੀ ਦੇ ਪਿਤਾ ਪੁਰਖੀ ਧੰਦੇ ਨੂੰ ਛੱਡ ਕੇ ਨਿਰੋਲ ਗੁਰਮਤਿ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਭਗਤ ਜੀ ਦੀ ਮਹਿਮਾ ਸਾਰੇ ਸੰਸਾਰ ਵਿੱਚ ਫੈਲ ਗਈ। ਬਹੁਤ ਵੱਡੀ ਗਿਣਤੀ ਵਿੱਚ ਲੋਕ ਭਗਤ ਜੀ ਦੇ ਸ਼ਰਧਾਲੂ ਬਣ ਗਏ। ਪ੍ਰਸਿੱਧ ਵਿਦਵਾਨ ਮੈਕਾਲਿਫ ਅਨੁਸਾਰ ਭਗਤ ਰਵਿਦਾਸ ਜੀ ਨੇ ਸਾਰਿਆਂ ਨੂੰ ਇੱਕੋ ਪੰਗਤ ਵਿਚ ਬੈਠਾ ਕੇ ਲੰਗਰ ਛਕਾਉਣ ਦੀ ਰੀਤ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ। ਸੰਗਤਾਂ ਦੇ ਅਰਾਮ ਲਈ ਸਰਾਂ ਵੀ ਬਣਵਾਈ। ਭਗਤ ਰਵਿਦਾਸ ਜੀ ਨੇ ਸੋਲਾਂ ਰਾਗਾਂ ਵਿੱਚ ਬਾਣੀ ਰਚੀ। ਭਗਤ ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਸਨ। ਭਗਤ ਰਵਿਦਾਸ ਜੀ ਨੇ ਮੁੱਨਖਤਾ ਨੂੰ ਇਹ ਸੰਦੇਸ਼ ਦਿੱਤਾ ਕਿ ਜਾਤ-ਪਾਤ–ਊਚ-ਨੀਚ ਅਤੇ ਧਰਮ ਦੀਆਂ ਵੰਡੀਆਂ ਸਿਰਫ ਸੁਆਰਥੀ ਲੋਕਾਂ ਨੇ ਆਪਣੇ ਦੁਨਿਆਵੀ ਧੰਦੇ ਚਲਾਉਣ ਲਈ ਅਤੇ ਗਰੀਬ ਲਿਤਾੜੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਲਈ ਪਾਈਆਂ ਹਨ। ਪਰਮਾਤਮਾ ਦੀ ਅਮਰ ਜੋਤ ਸਭ ਸਰੀਰਾਂ ਵਿੱਚ ਬਰਾਬਰ ਜਗ ਰਹੀ ਹੈ। ਆਤਮਾ ਅਤੇ ਪ੍ਰਮਾਤਮਾ ਦਾ ਸੰਬੰਧ ਬਹੁਤ ਹੀ ਗੂੜ੍ਹਾ ਨਾ ਟੁੱਟਣ ਵਾਲਾ ਹੈ। ਭਗਤ ਰਵਿਦਾਸ ਜੀ ਦੇ ਸਮਕਾਲੀ ਮੌਕੇ ਦੇ ਹੁਕਮਰਾਨਾਂ ਪਾਸ ਭਗਤ ਜੀ ਦੀਆਂ ਸ਼ਿਕਾਇਤਾਂ ਮੰਨੂਵਾਦੀ ਸੋਚ ਦੇ ਧਾਰਨੀਆਂ ਨੇ ਕੀਤੀਆਂ। ਇਹਨਾ ਸਾਰੀਆਂ ਸ਼ਿਕਾਇਤਾਂ ਨੂੰ ਸਲਝਾਉਣ ਲਈ ਭਗਤ ਜੀ ਨੇ ਕਈ ਦਲੀਲ ਭਰਪੂਰ ਵਿਚਾਰ ਦੇ ਕੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਦੇ ਨਾਲ ਹੀ ਅਜਿਹੇ ਪ੍ਰਮਾਣ ਦਿੱਤੇ ਜਿਸ ਨੂੰ ਸੁਣ ਕੇ ਸਮੇਂ ਦੇ ਬਗਾਵਤੀ ਲੋਕ ਅਤੇ ਹੁਕਮਰਾਨ ਹੈਰਾਨ ਰਹਿ ਗਏ। ਮਿਥਿਹਾਸ ਅਨੁਸਾਰ ਇੱਕ ਵਾਰ ਇੱਕ ਬ੍ਰਾਹਮਣ ਗੰਗਾ ਇਸ਼ਨਾਨ ਲਈ ਜਾ ਰਿਹਾ ਹੁੰਦਾ ਹੈ, ਗੁਰੂ ਰਵਿਦਾਸ ਜੀ ਮਹਾਰਾਜ ਉਸ ਨੂੰ ਇੱਕ ਦਮੜੀ ਗੰਗਾ ਮਾਈ ਨੂੰ ਭੇਂਟ ਕਰਨ ਲਈ ਦਿੰਦੇ ਹਨ। ਨਾਲ ਹੀ ਇਹ ਵੀ ਕਹਿੰਦੇ ਹਨ ਕਿ ਜੇਕਰ ਗੰਗਾ ਮਾਈ ਹੱਥ ਕੱਢ ਕੇ ਦਮੜੀ ਸਵੀਕਾਰ ਕਰੇਗੀ ਤਾਂ ਦਮੜੀ ਉਸ ਨੂੰ ਦੇ ਦੇਣਾ। ਬ੍ਰਾਹਮਣ ਨੇ ਗੁਰੂ ਜੀ ਦੀ ਗੱਲ ਨੂੰ ਇੱਕ ਮਜ਼ਾਕ ਦੇ ਤੌਰ ਤੇ ਲਿਆ। ਪਰ ਜਦੋਂ ਗੰਗਾ ਮਾਤਾ ਨੇ ਆਪਣੇ ਹੱਥ ਬਾਹਰ ਗੁਰੂ ਜੀ ਦੀ ਭੇਜੀ ਗਈ ਦਮੜੀ ਨੂੰ ਸਵੀਕਾਰ ਕੀਤਾ ਤਾਂ ਉਸ ਬ੍ਰਾਹਮਣ ਨੂੰ ਬੜੀ ਹੈਰਾਨੀ ਹੋਈ। ਉਸ ਦਮੜੀ ਦੇ ਬਦਲੇ ਵਿੱਚ ਗੰਗਾ ਮਾਈ ਨੇ ਉਸ ਬ੍ਰਾਹਮਣ ਕੋਲ ਇੱਕ ਸੋਨੇ ਦਾ ਕੰਗਣ ਭੇਜਿਆ। ਇਹ ਕੰਗਣ ਦੇਖ ਕੇ ਉਸ ਦਾ ਦਿਲ ਬੇਈਮਾਨ ਹੋ ਗਿਆ। ਉਸ ਨੇ ਧੰਨ ਦੀ ਪ੍ਰਾਪਤੀ ਲਈ ਊਹ ਕੰਗਣ ਰਾਜੇ ਨੂੰ ਦੇ ਦਿੱਤਾ। ਰਾਣੀ ਨੇ ਜਦ ਇਹ ਕੰਗਣ ਦੇਖਿਆ ਤਾਂ ਉਸ ਨੇ ਇਸ ਦੇ ਨਾਲ ਦੇ ਦੂਜੇ ਹੋਰ ਕੰਗਣ ਦੀ ਮੰਗ ਕੀਤੀ ਤਾਂ ਹੁਣ ਬ੍ਰਾਹਮਣ ਦੁਬਿਧਾ ਵਿੱਚ ਫਸ ਗਿਆ। ਆਖਿਰਕਾਰ ਉਹ ਗੁਰੂ ਰਵਿਦਾਸ ਜੀ ਕੋਲ ਗਿਆ ਤੇ ਸਾਰੀ ਵਿਥਿਆ ਬਿਆਨ ਕੀਤੀ। ਗੁਰੂ ਜੀ ਨੇ ਉਸ ਬ੍ਰਾਹਮਣ ਦੀ ਦੁਬਿਧਾ ਨੂੰ ਦੂਰ ਕੀਤੀ। ਇਸ ਤਰਾਂ ਉਸ ਬ੍ਰਾਹਮਣ ਨੂੰ ਗੁਰੂ ਜੀ ਦੇ ਆਤਮਿਕ ਗਿਆਨ ਬਾਰੇ ਚਾਨਣਾ ਹੋਇਆ। ਝੂਠੇ ਪਖੰਡੀ ਲੋਕਾਂ ਦਾ ਹੰਕਾਰ ਤੋੜਨ ਲਈ ਆਪ ਜੀ ਨੇ ਆਪਣੀ ਛਾਤੀ ਵਿੱਚ ਚੋਹਾਂ ਜ਼ੁਗਾਂ ਦੇ ਜੰਜੂ ਦਿਖਾਏ ਤੇ ਦੁਨੀਆਂ ਨੂੰ ਸੱਚ ਦਾ ਚਾਨਣਾ ਕਰਾਉਣ ਲਈ ਗੰਗਾ ਨਦੀ ਵਿੱਚ ਪੱਥਰ ਵੀ ਤਾਰ ਕੇ ਦਿਖਾਇਆ। ਜਿੱਥੇ ਹੰਕਾਰੀ, ਕੱਟੜ ਲੋਕ ਆਪ ਜੀ ਦੀ ਵਿਰੋਧਤਾ ਵਿੱਚ ਹੀ ਲੱਗੇ ਰਹੇ ਅਤੇ ਨੇੜੇ ਰਹਿ ਕੇ ਵੀ ਖਾਲੀ ਰਹਿ ਗਏ, ਉੱਥੇ ਦੂਜੇ ਪਾਸੇ ਦੂਰੋਂ ਦੂਰੋਂ ਰਾਜੇ ਰਾਣੀਆਂ ਵੀ ਆਪ ਜੀ ਦੇ ਦਰ ਤੋਂ ਸੱਚੀ ਸਿੱਖਿਆ ਪ੍ਰਾਪਤ ਕਰਕੇ ਆਪ ਜੀ ਦੇ ਸੇਵਕ ਬਣ ਕੇ ਜੀਵਨ ਦੀਆਂ ਸਿਖਰਾਂ ਨੂੰ ਛੂਹ ਗਏ। ਇਨ੍ਹਾਂ ਵਿੱਚੋਂ ਰਾਣਾ ਸਾਂਗਾ ਦੀ ਪਤਨੀ, ਜੋ ਚਿਤੌੜ ਦੇ ਇਲਾਕੇ ਦਾ ਮੁਖੀਆ ਸੀ, ਕੁਝ ਪੰਡਿਤਾਂ ਨਾਲ ਤੀਰਥ ਯਾਤਰਾ ਕਰਦੀ ਹੋਈ ਜਦੋਂ ਨਿਰਾਸਤਾ ਵਿੱਚ ਹੀ ਭਟਕ ਰਹੀ ਸੀ ਤਾਂ ਉਸ ਦੀ ਤਸੱਲੀ ਰਵਿਦਾਸ ਜੀ ਮਹਾਰਾਜ ਕੋਲ ਆ ਕੇ ਹੀ ਹੋਈ, ਗੁਰੂ ਧਾਰਨ ਕਰਕੇ ਜਦੋਂ ਉਹ ਵਾਪਸ ਮੁੜੀ ਤਾਂ ਜਿਹੜੇ ਉੱਚ ਜਾਤੀਏ ਲੋਕ ਤੀਰਥਾਂ ਦੀ ਯਾਤਰਾ ਦੇ ਨਾਂ ’ਤੇ ਮਨੁੱਖਤਾ ਨੂੰ ਲੁੱਟ ਰਹੇ ਸਨ, ਉਹ ਕਿਵੇਂ ਬਰਦਾਸ਼ਤ ਕਰਦੇ। ਉਨ੍ਹਾਂ ਦੀ ਸ਼ਿਕਾਇਤ ’ਤੇ ਜਦੋਂ ਦੋਨਾਂ ਧਿਰਾਂ ਨੂੰ ਬੁਲਾ ਕੇ ਸੱਚ ਦਾ ਨਿਤਾਰਾ ਕੀਤਾ ਤਾਂ ਰਾਣੀ ਦੇ ਗੁਰੂ ਦਾ ਦਰਸਾਇਆ ਸੱਚ; ਕੂੜ ਦੇ ਪਾਜ ਖੋਲ੍ਹਦਾ ਹੋਇਆ ਜਿੱਤ ਪ੍ਰਾਪਤ ਕਰ ਗਿਆ: ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥’’ (ਭਗਤ ਰਵਿਦਾਸ/੧੨੯੩) ਸੋ ਭਗਤ ਰਵਿਦਾਸ ਜੀ ਮਨੁੱਖਤਾ ਦੇ ਮਸੀਹਾ ਸਨ। ਭਗਤ ਜੀ ਦੇ ਜੀਵਨ ਤੋਂ ਸਾਨੂੰ ਸਾਦਗੀ-ਨਿਮਰਤਾ ਅਤੇ ਸਦਾਚਾਰ ਦੇ ਗੁਣ ਪ੍ਰਾਪਤ ਹੁੰਦੇ ਹਨ। ਅੱਜ ਦੇ ਸੰਦਰਭ ਵਿੱਚ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਸਹਿਬਾਨ ਜੀ ਅਤੇ ਸਮੂਹ ਭਗਤਾਂ ਨੇ ਜਾਤ-ਪਾਤ ਨੂੰ ਸਦਾ ਲਈ ਮਿਟਾ ਦਿੱਤਾ ਸੀ ਪਰ ਅਸੀ ਅੱਜ ਵੀ ਜਾਤ-ਪਾਤ, ਊਚ-ਨੀਚ ਅਤੇ ਪਿਛਾਂਹ ਖਿੱਚੂ ਵਿਚਾਰਧਾਰਾ ਨੂੰ ਨਹੀ ਛੱਡਿਆ। ਇਹ ਸੋਚਣ ਦੀ ਲੋੜ ਹੈ। ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਅੱਜ ਜਿੱਥੇ ਸਾਰਾ ਸੰਸਾਰ ਬੜੇ ਚਾਅ ਨਾਲ ਅਤੇ ਸ਼ਰਧਾ ਨਾਲ ਭਗਤ ਰਵਿਦਾਸ ਜੀ ਦਾ ਆਗਮਨ ਦਿਵਸ ਮਨਾ ਰਿਹਾ ਹੈ, ਉੱਥੇ ਸਮੁੱਚੇ ਸੰਸਾਰ ਨੂੰ ਭਗਤ ਜੀ ਦੀਆਂ ਸਿੱਖਿਆਵਾਂ ਗ੍ਰਹਿਣ ਕਰਕੇ ਜਾਤ-ਪਾਤ ਦੇ ਨਿਕੰਮੇ ਕੀੜੇ ਦਾ ਨਾਸ਼ ਕਰਕੇ ਬਰਾਬਰਤਾ ਦਾ ਸਮਾਜ ਕਾਇਮ ਕਰਨਾ ਚਾਹੀਦਾ ਹੈ। ਇਹੀ ਬਰਾਬਰਤਾ ਦੀ ਸਿੱਖਿਆ ਭਗਤ ਜੀ ਪ੍ਰਤੀ ਸੱਚੀ ਭਾਵਨਾ ਹੋਵੇਗੀ। ਜੈ ਹਿੰਦ !!!

Post a Comment

1 Comments
* Please Don't Spam Here. All the Comments are Reviewed by Admin.

Top Post Ad

Below Post Ad